ਸੋਮਵਾਰ, 7 ਜੂਨ ਨੂੰ ਇਤਿਹਾਸਕ ਕਸਬਾ ਮਲੇਰਕੋਟਲਾ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਇਆ ਜਾਏਗਾ। ਪਿਛਲੇ ਬੁੱਧਵਾਰ ਨੂੰ ਪੰਜਾਬ ਕੈਬਨਿਟ ਨੇ ਇਤਿਹਾਸਕ ਕਸਬੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਸੀ।
ਮਲੇਰਕੋਟਲਾ ਪੰਜਾਬ ਦਾ ਮੁਸਲਿਮ ਬਹੁਗਿਣਤੀ ਵਾਲਾ ਸ਼ਹਿਰ ਹੈ ਅਤੇ ਜਨਗਣਨਾ 2011 ਮੁਤਾਬਕ ਲਗਭਗ 68.50 ਫੀਸਦ ਆਬਾਦੀ ਇਸਲਾਮ ਨੂੰ ਆਪਣਾ ਧਰਮ ਮੰਨਦੀ ਹੈ।
ਮਲੇਰਕੋਟਲਾ ਸ਼ਹਿਰ ਵਿੱਚ ਹਿੰਦੂ ਧਰਮ ਦੂਜਾ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਧਰਮ ਹੈ ਅਤੇ ਇਸ ਦਾ ਅਨੁਮਾਨ ਲਗਭਗ 20.71 ਫੀਸਦ ਹੈ।
ਨਵੇਂ ਬਣੇ ਜ਼ਿਲ੍ਹੇ ਦੀ ਖ਼ਾਸ ਗਲ ਇਹ ਵੀ ਹੈ ਕਿ ਇਸ ਵਿੱਚ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੋਵੇਂ ਮਹਿਲਾ ਹਨ।
ਇੱਥੋਂ ਦੀ ਵਿਧਾਇਕ ਵੀ ਇੱਕ ਮਹਿਲਾ ਹਨ-ਰਜ਼ਿਆ ਸੁਲਤਾਨਾ। ਡਿਪਟੀ ਕਮਿਸ਼ਨਰ ਅਮ੍ਰਿਤ ਕੌਰ ਗਿੱਲ ਅਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਮਹਿਲਾ ਅਫ਼ਸਰਾਂ ਦਾ ਇਸ ਜ਼ਿਲ੍ਹੇ ਵਿੱਚ ਤੈਨਾਤ ਕੀਤੇ ਜਾਣ ਮਗਰੋਂ ਕੋਈ ਖ਼ਾਸ ਸੋਚ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਨਹੀਂ, ਇਹ ਇੱਕ ਇਤਫ਼ਾਕ ਹੈ।
ਕੁੜੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸਰਕਾਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਇਸ ਲਈ ਕੁੜੀਆਂ ਨੂੰ ਹੁਣ ਦੂਰ ਜਾਣਾ ਪੈਂਦਾ ਹੈ।
10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਬੱਸ ਅੱਡਾ ਉਸਾਰਿਆ ਜਾਵੇਗਾ ਅਤੇ ਮਲੇਰਕੋਟਲਾ ਨੂੰ ਮਹਿਲਾ ਥਾਣਾ ਵੀ ਮਿਲੇਗਾ ਜਿੱਥੇ ਸਾਰਾ ਕੰਮਕਾਜ ਮਹਿਲਾ ਸਟਾਫ਼ ਵੱਲੋਂ ਹੀ ਕੀਤਾ ਜਾਵੇਗਾ।
ਮਲੇਰਕੋਟਲਾ ਦੇ ਸਰਬਪੱਖੀ ਸ਼ਹਿਰੀ ਵਿਕਾਸ ਲਈ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਤਹਿਤ 6 ਕਰੋੜ ਰੁਪਏ ਦੀ ਰਾਸ਼ੀ ਦਾ ਵੀ ਐਲਾਨ ਕੀਤਾ ਗਿਆ ਹੈ।
ਮਲੇਰਕੋਟਲਾ ਇੱਕ ਸਭਿਆਚਾਰਕ ਵਿਰਾਸਤ ਵਾਲਾ ਸ਼ਹਿਰ ਹੈ। ਮੁੱਖ ਮੰਤਰੀ ਨੇ ਮੁਬਾਰਕ ਮੰਜ਼ਿਲ ਪੈਲੇਸ ਦੀ ਸੰਭਾਲ ਕਰਨ ਅਤੇ ਮੁੜ ਸਥਾਪਤੀ ਦਾ ਕਾਰਜ ਆਪਣੇ ਹੱਥਾਂ ਵਿੱਚ ਲੈਣ ਲਈ ਆਗਾ ਖ਼ਾਨ ਫਾਊਡੇਸ਼ਨ, ਯੂਕੇ ਨੂੰ ਪੱਤਰ ਲਿਖਿਆ ਹੈ।