Type Here to Get Search Results !

ਜ਼ਿਲ੍ਹਾ ਪਟਿਆਲਾ ਵਿੱਚ ਦੋ ਟਾਸਕ ਫੋਰਸ ਟੀਮਾਂ ਤੇ ਮਾਹਰ ਗਰੁੱਪ ਗਠਿਤ, Covid 3rd wave ਤੋਂ ਬੱਚਿਆਂ ਨੂੰ ਲਾਗ ਤੋਂ ਬਚਾਉਣ ਲਈ



 ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਲਾਏ ਜਾ ਰਹੇ ਅਨੁਮਾਨਾਂ ਦੇ ਚੱਲਦਿਆਂ ਜ਼ਿਲ੍ਹਾ ਪਟਿਆਲਾ ‘ਚ ਦੋ ਟਾਸਕ ਫੋਰਸ ਟੀਮਾਂ ਅਤੇ ਇੱਕ ਮਾਹਰਾਂ ਦਾ ਗਰੁੱਪ ਗਠਿਤ ਕੀਤਾ ਗਿਆ ਹੈ। ਕੋਵਿਡ ਦੀ ਤੀਜੀ ਲਹਿਰ ਸਬੰਧੀਂ ਜ਼ਿਲ੍ਹੇ ‘ਚ ਤਿਆਰੀਆਂ ਬਾਬਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਮੌਕੇ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਕੋਵਿਡ ਦੀ ਦੂਜੀ ਲਹਿਰ ਤੋਂ ਕਾਫ਼ੀ ਕੁਝ ਸਿੱਖਿਆ ਹੈ ਅਤੇ ਹੁਣ ਇਸ ਤਜਰੁਬੇ ਦੇ ਅਧਾਰ ‘ਤੇ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਅਤੇ ਪੀਡੀਆਟ੍ਰਿਕ ਟਾਸਕ ਫੋਰਸ ਦੇ ਗਠਨ ਤੋ ਇਲਾਵਾ ਬੱਚਿਆਂ ਦੇ ਇਲਾਜ ਦੇ ਮਾਹਰ ਡਾਕਟਰਾਂ ਦਾ ਇੱਕ ਗਰੁੱਪ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਾਰੇ ਪ੍ਰਬੰਧਾਂ ਅਤੇ ਗਤੀਵਿਧੀਆਂ ‘ਤੇ ਨਿਗਰਾਨੀ ਰੱਖੇਗੀ ਜਦੋਂਕਿ ਪੀਡੀਆਟ੍ਰਿਕ ਟਾਸਕ ਫੋਰਸ ਬੱਚਿਆਂ ‘ਚ ਕੋਵਿਡ-19 ਦੇ ਲੱਛਣ ਆਉਣ ‘ਤੇ ਤੁਰੰਤ ਹਰਕਤ ‘ਚ ਆਵੇਗੀ। ਡਾਕਟਰਾਂ ਦੇ ਇਸ ਮਾਹਰ ਟੀਮ ‘ਚ ਸੀਨੀਅਰ ਡਾਕਟਰ ਵੱਲੋਂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮਦਦ ਕਰਦਿਆਂ ਪ੍ਰਭਾਵਤ ਬੱਚਿਆਂ ਦੇ ਇਲਾਜ ਲਈ ਤਕਨੀਕੀ ਗਿਆਨ ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਸ ਤੋਂ ਇਲਾਵਾ ਤੀਜੀ ਲਹਿਰ ਦੇ ਮੱਦੇਨਜ਼ਰ ਲੈਵਲ-2 ਅਤੇ ਲੈਵਲ-3 ਬੈਡਾਂ ਦੀ ਸਮਰੱਥਾ 15 ਫ਼ੀਸਦੀ ਵਧਾਏ ਜਾਣ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹਾ ਕਰਦਿਆਂ ਬੱਚਿਆਂ ਦੀਆਂ ਇਲਾਜ ਲੋੜਾਂ ਨੂੰ ਖਾਸ ਧਿਆਨ ‘ਚ ਰੱਖਿਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਸਾਰਾ ਮੈਡੀਕਲ ਬੁਨਿਆਦੀ ਢਾਂਚਾ ਬੱਚਿਆਂ ਦੇ ਇਲਾਜ ਦੇ ਮੱਦੇਨਜ਼ਰ ਤਿਆਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸੰਭਾਵੀ ਤੀਜੀ ਲਹਿਰ ‘ਚ ਕੋਵਿਡ ਮਾਮਲਿਆਂ ‘ਚ ਅਚਾਨਕ ਵਾਧਾ ਹੋਣ ਨੂੰ ਮੁੱਖ ਰੱਖਦਿਆਂ ਉਸੇ ਹਿਸਾਬ ਨਾਲ ਤਿਆਰੀ ਕੀਤੀ ਜਾਵੇ। ਉਨ੍ਹਾਂ ਨੇ ਪੀਡੀਆਟ੍ਰਿਕ ਮਾਹਰ ਕਮੇਟੀ ਨੂੰ ਹਦਾਇਤ ਕੀਤੀ ਕਿ ਸਰਕਾਰੀ ਤੇ ਨਿਜੀ ਹਸਪਤਾਲਾਂ ਦਾ ਦੌਰਾ ਕਰਕੇ ਬੱਚਿਆਂ ਦੇ ਇਲਾਜ ਲਈ ਉਥੇ ਮੌਜੂਦ ਸਾਜੋ-ਸਮਾਨ ਦਾ ਜਾਇਜ਼ਾ ਲਿਆ ਜਾਵੇ।

ਡਾਕਟਰਾਂ, ਏ.ਐਨ.ਐਮਜ ਅਤੇ ਆਂਗਣਵਾੜੀ ਵਰਕਰਾਂ ਲਈ ਸਿਖਲਾਈ ਵਾਸਤੇ 15 ਦਿਨਾਂ ਦਾ ਸਮਾਂ ਮਿਥਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਰਾਜ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋੜੀਂਦੀ ਸਿਖਲਾਈ ਤੇ ਨਿਰਧਾਰਤ ਕੰਮ ਕਰਨ ਦੇ ਢੰਗ ਤਰੀਕਿਆਂ ਬਾਰੇ ਸਿਖਲਾਈ ਮੁਹੱਈਆ ਕਰਵਾਈ ਜਾਵੇ।

ਇਸ ਤੋਂ ਬਿਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਸ੍ਰੀਅਮਿਤ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਸਿੱਖਿਆ ਸੰਸਥਾਵਾਂ ਤੇ ਸਕੂਲ ਆਦਿ ਖੁੱਲ੍ਹਣ ਦੀ ਸੂਰਤ ‘ਚ ਬੱਚਿਆਂ ਨੂੰ ਕੋਵਿਡ ਦੀ ਲਾਗ ਤੋਂ ਬਚਾਉਣਾ ਸਾਡੇ ਲਈ ਇਹ ਵੱਡੀ ਚੁਣੌਤੀ ਹੋਵੇਗੀ। ਇਸ ਲਈ ਸਾਨੂੰ ਬੱਚਿਆਂ ਦੇ ਮਾਪਿਆਂ ਦੇ ਵਾਰਸਾਂ ਨੂੰ ਸੁਚੇਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਜਾਗਰੂਕ ਕਰਨਾ ਪਵੇਗਾ ਤਾਂ ਕਿ ਉਹ ਆਪਣੇ ਬੱਚਿਆਂ ‘ਚ ਕੋਵਿਡ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਆਉਣ ਬਾਰੇ ਨੇੜਲੇ ਸਿਹਤ ਕੇਂਦਰ ਨੂੰ ਸੂਚਿਤ ਕਰ ਸਕਣ।

Tags

Post a Comment

0 Comments
* Please Don't Spam Here. All the Comments are Reviewed by Admin.